Friday, January 29, 2010

ਸ਼ਿਵ ਕੁਮਾਰ ਬਟਾਲਵੀ


ਮੈਂ ਕੰਡਿਆਲੀ ਥੋਰ ਵੇ ਸੱਜਣਾ

ਉੱਗੀ ਵਿੱਚ ਉਜਾੜਾਂ !
ਜਾਂ ਉਡਦੀ ਬਦਲੋਟੀ ਕੋਈ ,
ਵਰ ਗਈ ਵਿਚ ਪਹਾੜਾਂ !

ਜਾਂ ਉਹ ਦੀਵਾ ਜਿਹੜਾ ਬਲਦਾ ,
ਪੀਰਾਂ ਦੀ ਦੇਹਰੀ ਤੇ ,
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ ,
ਸੂਤੀਆਂ ਜਾਵਣ ਨਾੜਾਂ !

ਜਾਂ ਚੰਬੇ ਦੀ ਡਾਲੀ ਕੋਈ ,
ਜੋ ਬਾਲਣ ਬਣ ਜਾਏ ,
ਜਾਂ ਮਰੂਏ ਦਾ ਫੁੱਲ ਬਸੰਤੀ ,
ਜੋ ਠੁੰਗ ਜਾਣ ਗੁਟਾਰਾਂ !

ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ !

ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਕਿਤੇ ਕੁਰਾਹੇ !
ਨਾ ਕਿਸੇ ਮਾਲੀ ਸਿੰਜਿਆ ਮੈਨੂੰ ,
ਨਾ ਕੋਈ ਸਿੰਜਣਾ ਚਾਹੇ !

ਯਾਦ ਤੇਰੀ ਦੇ ਉੱਚੇ ਮਹਿਲੀਂ ,
ਮੈਂ ਬੈਠੀ ਪਈ ਰੋਵਾਂ ,
ਹਰ ਦਰਵਾਜੇ ਲੱਗਾ ਪਹਿਰਾ,
ਆਵਾਂ ਕਿਹੜੇ ਰਾਹੇ ?

ਮੈਂ ਉਹ ਚੰਦਰੀ ਜਿਸ ਦੀ ਡੋਲੀ ,
ਲੁੱਟ ਲਈ ਆਪ ਕੁਹਾਰਾਂ ,
ਬੰਨਣ ਦੀ ਥਾਂ ਬਾਬਲ ਜਿਸ ਦੇ ,
ਆਪ ਕਲੀਰੇ ਲਾਹੇ !

ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ !

ਮੇਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬੇਲੇ ,
ਨਾ ਕੋਈ ਮੇਰੇ ਛਾਂਵੇ ਬੈਠੇ ,
ਨਾ ਪੱਤ ਖ਼ਾਵਣ ਲੇਲੇ !

ਮੈਂ ਰਾਜੇ ਦੀ ਬਰਦੀ ਅੜਿਆ ,
ਤੂੰ ਰਾਜੇ ਦਾ ਜਾਇਆ ,
ਤੂਹਿਓਂ ਦਸ ਵੇ ਮੋਹਰਾਂ ਸਾਹਵੇਂ
ਮੁੱਲ ਕੀਹ ਖੋਵਣ ਧੇਲੇ ?

ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ
ਚੋਹੀਂ ਕੂਟੀ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ !

ਤੇਰੀ ਮੇਰੀ ਪੀ੍ਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜਿਆ ਦਿਹੁੰ ਵੇਲੇ !

ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬਾਗਾਂ !
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ !

ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪਰ ਸੰਧੂਰੀ
ਨੋਚ ਲਏ ਜਿਦੇ ਕਾਗਾਂ !

ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ !

ਬਾਗਾਂ ਵਾਲਿਆ ਤੇਰੇ ਬਾਗੀਂ
ਹੁਣ ਜੀ ਨਹੀਓ ਲਗਦਾ ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੋ ਸੋ ਦੁਖੜੇ ਝਾਗਾਂ !


ਯਾਰੜਿਆ ਰੱਬ ਕਰਕੇ ਮੈਨੂੰ

ਪੈਣ ਬਿਰਹੋਂ ਦੇ ਕੀੜੇ ਵੇ
ਨੈਣਾ ਦੇ ਦੋ ਸੰਦਲੀ ਬੂਹੇ
ਜਾਣ ਸਦਾ ਲਈ ਭੀੜੇ ਵੇ

ਯਾਦਾ ਦਾ ਇੱਕ ਛੰਭ ਮਟੀਲਾ
ਸਦਾ ਲਈ ਸੁਕ ਜਾਏ ਵੇ
ਖਿੜੀਆ ਰੂਪ ਮੇਰੇ ਦੀਆ ਕੱਮੀਆਂ
ਆ ਕੋਈ ਢੋਰ ਲਤੀੜੇ ਵੇ

ਬੰਨ ਤਤੀਰੀ ਚੋਵਣ ਦੀਦੇ
ਜਦ ਤੇਰਾ ਚੇਤਾ ਆਵੇ ਵੇ
ਐਸਾ ਦਰਦ ਭਰਾ ਮੈ ਹਉਕਾ
ਟੁੱਟ ਜਾਵਣ ਮੇਰੇ ਬੀੜੇ ਵੇ

ਇਉ ਕਰਕੇ ਮੈ ਘਿਰ ਜਾ ਅੜਿਆ
ਵਿਚ ਕਸੀਸਾਂ ਚੀਸਾਂ ਵੇ
ਜਿਉ ਗਿਰਜਾ ਦਾ ਟੋਲਾ ਕੋਈ
ਮੋਇਆ ਕਰੰਗ ਧਰੀੜੇ ਵੇ

ਲਾਲ ਬਿੰਬ ਹੋਠਾਂ ਦੀ ਜੋੜੀ,
ਘੋਲ ਵਸਾਂਰਾ ਪੀਵੇ ਵੇ
ਬੱਬਰੀਆ ਬਣ ਰੁਲਣ ਕੁਰਾਹੀਂ
ਮਨ ਮੰਦਰ ਦੇ ਦੀਵੇ ਵੇ

ਆਸਾ ਦੀ ਪਿਪਲੀ ਰੱਬ ਕਰਕੇ
ਤੋੜ ਜੜੋ ਸੁੱਕ ਜਾਏ ਵੇ
ਡਾਰ ਸ਼ੰਕ ਦੇ ਟੋਟਰੂਆ ਦੀ
ਗੋਲਾਂ ਬਾਝ ਮਰੀਵੇ ਵੇ

ਮੇਰੇ ਦਿਲ ਦੀ ਹਰ ਇਕ ਹਸਰਤ
ਬਨਵਾਸੀ ਤੁਰ ਜਾਏ ਵੇ
ਨਿੱਤ ਕੋਈ ਨਾਗ ਗ਼ਮਾ ਦਾ
ਮੇਰੀ ਹਿੱਕ ਤੇ ਕੁੰਜ ਲਹੀਏ ਵੇ

ਬੱਝੇ ਚੌਲ ਉਮਰ ਦੀ ਗੰਢੀ
ਸਾਹਵਾਂ ਦੇ ਡੁੱਲ ਜਾਵਣ ਵੇ
ਚਾੜ ਗ਼ਮਾਂ ਦੇ ਛੱਤੀਂ ਕਿਸਮਤ
ਰੋ ਰੋ ਰੋਜ ਛਟੀਵੇ ਵੇ

ਐਸੀ ਪੀੜ ਰਚੇ ਮੇਰੇ ਹੱਡੀਂ
ਹੋ ਜਾ ਝੱਲ – ਵਲੱਲੀ ਵੇ
ਤਾਅ ਕੱਕਰਾ ਚੋ ਭਾਲਣ ਦੀ
ਮੈਨੂੰ ਪੈ ਜਾਏ ਚਾਟ ਅਵੱਲੀ ਵੇ

ਭਾਸਣ ਰਾਤ ਦੀ ਹਿੱਕ ਦੇ ਤਾਰੇ
ਸਿੰਮਦੇ ਸਿੰਮਦੇ ਛਾਲੇ ਵੇ
ਦਿੱਸੇ ਬਦਲੀ ਦੀ ਟੁਕੜੀ
ਜਿਉ ਜ਼ਖਮੋਂ ਪੀਕ ਉਥਲੇ ਵੇ

ਸੱਜਣਾ ਤੇਰੀ ਭਾਲ ‘ਚ ਅੜਿਆ
ਇਉ ਕਰ ਉਮਰ ਵੰਝਾਵਾ ਵੇ
ਜਿਉਂ ਕੋਈ ਵਿਚ ਪਹਾੜਾਂ ਕਿਧਰੇ
ਵੱਗੇ ਕੂਲ ਇਕੱਲੀ ਵੇ

ਮੰਗਾ ਗਲ ਵਿਚ ਪਾ ਕੇ ਬਗਲੀ
ਦਰ ਦਰ ਮੌਤ ਦੀ ਭਿਖਿੱਆ ਵੇ
ਅੱਡੀਆ ਰਗੜ ਮਰਾਂ ਪਰ ਮੈਨੂੰ
ਮਿਲੇ ਨਾ ਮੌਤ ਸਵੱਲੀ ਵੇ

ਘੋਲੀ ਸ਼ਗਨਾ ਦੀ ਮੇਰੀ ਮਹਿੰਦੀ
ਜਾ ਦੂਧੀ ਹੋ ਜਾਏ ਵੇ
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰਾਹੁਣੀ ਆਏ ਵੇ

ਲੱਪ ਕੁ ਹੰਝੂ ਮੁੱਠ ਕੁ ਪੀੜਾ
ਹੋਵੇ ਪਿਆਰ ਦੀ ਪੂੰਜੀ ਵੇ
ਜਿਉਂ ਜਿਉਂ ਕਰਾ ਉਮਰ ਚੋ ਮਨਫ਼ੀ
ਤਿਉਂ ਤਿਉਂ ਵਧਦੀ ਜਾਏ ਵੇ

ਜਿੰਦਗੀ ਦੀ ਰੋਹੀ ਵਿੱਚ ਨਿੱਤ ਇਉ
ਵਧਦੀਆ ਉਜਾੜਾਂ ਵੇ
ਜਿਉ ਭੱਖੜੇ ਦਾ ਇੱਕ ਫੁੱਲ ਪੱਕ ਕੇ
ਸੂਲੇ ਚਾਰ ਬਣਾਏ ਵੇ

ਜਿਊਦੇ ਜੀ ਅਸੀ ਕਦੇ ਨਾ ਮਿਲੀਏ
ਬਾਅਦ ਮੋਇਆ ਪਰ ਸੱਜਣਾ ਵੇ
ਪਿਆਰ ਸਾਡੇ ਦੀ ਕੱਥ ਸੁੱਚੜੀ
ਆਲਮ ਕੁੱਲ ਸਣਾਏ ਵੇ

No comments: