ਅਸੀਂ ਨਿਮਾਣੇ ਸਾਵੇ ਪੱਤਰ,
ਸਾਨੂੰ ਕੌਣ ਖਿਆਲੇ।
ਦੋ ਦਿਨ ਛਾਂ ਫੁੱਲਾਂ ਦੀ ਸੁੱਤੇ,
ਜਾਗੇ ਸਾਡੇ ਤਾਲੇ।
ਸੋਹਣੇ ਦੇ ਗੁਲਦਸਤੇ ਖ਼ਾਤਿਰ,
ਜਾਣ ਜਦੋਂ ਉਹ ਲੱਗੇ
ਖਾ ਕੇ ਤਰਸ ਅਸਾਂ ਉੱਤੇ ਵੀ,
ਲੈ ਗਏ ਸਾਨੂੰ ਨਾਲੇ।
ਇਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨੀ
ਜਿਸ ਥੱਲੇ ਬਹਿਣਾ ਨੀ, ਸੁਰਗਾਂ ਦਾ ਰਹਿਣਾ ਨੀ
ਕੀ ਉਸਦਾ ਕਹਿਣਾ ਨੀ, ਵਿਹੜੇ ਦਾ ਗਹਿਣਾ ਨੀ
ਪਰ ਮਾਹੀ ਬਾਝੋਂ ਨੀ, ਪਰਦੇਸੀ ਬਾਝੋਂ ਨੀ
ਇਹ ਮੈਨੂੰ ਵੱਢਦਾ ਏ, ਖੱਟਾ ਲਗਦਾ ਏ।
ਇਸ ਬੂਟੇ ਥੱਲੇ ਜੇ, ਮੈਂ ਚਰਖਾ ਡਾਹਨੀ ਆਂ
ਤੇ ਜੀ ਪਰਚਾਵਣ ਨੂੰ ਦੋ ਤੰਦਾਂ ਪਾਨੀ ਆਂ
ਕੋਇਲ ਦੀਆਂ ਕੂਕਾਂ ਨੀ ਮਾਰਨ ਬੰਦੂਕਾਂ ਨੀ
ਪੀਹੜੇ ਨੂੰ ਭੰਨਾਂ ਮੈਂ ਚਰਖੀ ਨੂੰ ਫੂਕਾਂ ਨੀ
ਫਿਰ ਡਰਦੀ ਭਾਬੋ ਤੋਂ ਲੈ ਬਹਾਂ ਕਸੀਦਾ ਨੀ
ਯਾਦਾਂ ਵਿਚ ਡੁੱਬੀ ਦਾ ਦਿਲ ਕਿਧਰੇ ਜੁੜ ਜਾਵੇ
ਤੇ ਸੂਈ ਕਸੀਦੇ ਦੀ ਪੋਟੇ ਵਿਚ ਪੁੜ ਜਾਵੇ।
ਫਿਰ ਉੱਠ ਕੇ ਪੀਹੜੇ ਤੋਂ ਮੈਂ ਭੁੰਜੇ ਬਹਿ ਜਾਵਾਂ
ਚੀਚੀ ਧਰ ਠੋਡੀ 'ਤੇ ਵਹਿਣਾ ਵਿਚ ਵਹਿ ਜਾਵਾਂ
ਸੁੱਖਾਂ ਦੀਆਂ ਗੱਲਾਂ ਨੀ ਮੇਲਾਂ ਦੀਆਂ ਘੜੀਆਂ ਨੀ
ਖੀਰਾਂ ਤੇ ਪੂੜੇ ਨੀ ਸਾਵਣ ਦੀਆਂ ਝੜੀਆਂ ਨੀ
ਸੋਹਣੇ ਦੇ ਤਰਲੇ ਨੀ ਤੇ ਮੇਰੀਆਂ ਅੜੀਆਂ ਨੀ
ਜਾਂ ਚੇਤੇ ਆ ਜਾਵਣ ਲੋਹੜਾ ਹੀ ਪਾ ਜਾਵਣ।
ਉਹ ਕਿਹਾ ਦਿਹਾੜਾ ਸੀ ਉਹ ਭਾਗਾਂ ਵਾਲਾ ਸੀ
ਉਹ ਕਰਮਾਂ ਵਾਲਾ ਸੀ ਜਿਸ ਸ਼ੁੱਭ ਦਿਹਾੜੇ ਨੀ
ਘਰ ਮੇਰਾ ਲਾੜਾ ਸੀ
ਮੈਂ ਨ੍ਹਾਤੀ ਧੋਤੀ ਨੀ, ਮੈਂ ਵਾਲ ਵਧਾਏ ਨੀ
ਮੈਂ ਕਜਲਾ ਪਾਇਆ ਨੀ, ਮੈਂ ਗਹਿਣੇ ਲਾਏ ਨੀ
ਮਲ ਮਲ ਕੇ ਖੇੜੀ ਮੈਂ ਹੀਰੇ ਲਿਸ਼ਕਾਏ ਨੀ
ਲਾ ਲਾ ਕੇ ਬਿੰਦੀਆਂ ਮੈਂ ਕਈ ਫੰਬ ਬਣਾਏ ਨੀ
ਜਾਂ ਹਾਰ ਸ਼ਿੰਗਾਰਾਂ ਤੋਂ ਮੈਂ ਵਿਹਲੀ ਹੋਈ ਨੀ
ਆ ਅੰਬੀ ਥੱਲੇ ਨੀ ਫਿਰ ਪੂਣੀ ਛੋਹੀ ਨੀ।
ਉਹ ਚੰਦ ਪਿਆਰਾ ਵੀ, ਆ ਬੈਠਾ ਸਾਹਵੇਂ ਨੀ
ਅੰਬੀ ਦੀ ਛਾਵੇਂ ਨੀ, ਉਹ ਮੇਰੀਆਂ ਪ੍ਰੀਤਾਂ ਦਾ
ਸੋਹਣਾ ਵਣਜਾਰਾ ਨੀ
ਕਿੱਸੇ ਪਰਦੇਸਾਂ ਦੇ, ਲਾਮਾਂ ਦੀਆਂ ਗੱਲਾਂ ਨੀ
ਘੁਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੀ
ਵੈਰੀ ਦੇ ਹੱਲੇ ਨੀ ਸੋਹਣੇ ਦੀਆਂ ਠੱਲਾਂ ਨੀ
ਉਹ ਦੱਸੀ ਜਾਵੇ ਤੇ ਮੈਂ ਭਰਾਂ ਹੁੰਗਾਰਾ ਨੀ।
ਉਸ ਗੱਲਾਂ ਕਰਦੇ ਨੂੰ ਪੱਤਿਆਂ ਦੀ ਖੜ ਖੜ ਨੇ
ਬੱਦਲਾਂ ਦੀ ਸ਼ੂਕਰ ਨੇ ਵੰਗਾਂ ਦੀ ਛਣ ਛਣ ਨੇ
ਚਰਖੀ ਦੀ ਘੂਕਰ ਨੇ, ਟੱਪਿਆਂ ਦੀ ਲੋਰੀ ਨੇ
ਕੋਇਲ ਦੀ ਕੂਕਰ ਨੇ ਮੰਜੇ 'ਤੇ ਪਾ ਦਿੱਤਾ
ਤੇ ਘੂਕ ਸੁਲ੍ਹਾ ਦਿੱਤਾ।
ਤੱਕ ਸੁੱਤਾ ਮਾਹੀ ਨੀ
ਚਰਖੀ ਚਰਮਖ ਤੋਂ, ਮੈਂ ਕਾਲਖ ਲਾਹੀ ਨੀ
ਜਾ ਸੁੱਤੇ ਸੋਹਣੇ ਦੇ, ਮੱਥੇ 'ਤੇ ਲਾਈ ਨੀ
ਮੈਂ ਤਾੜੀ ਲਾਈ ਨੀ
ਮੈਂ ਦੋਹਰੀ ਹੋ ਗਈ ਨੀ, ਮੈਂ ਚੌਹਰੀ ਹੋ ਗਈ ਨੀ
ਉਹ ਉੱਠ ਖਲੋਇਆ ਨੀ, ਘਬਰਾਇਆ ਹੋਇਆ ਨੀ
ਉਹ ਬਿਟ ਬਿਟ ਤੱਕੇ ਨੀ, ਉਹ ਮੁੜ ਮੁੜ ਪੁੱਛੇ ਨੀ
ਮੈਂ ਗੱਲ ਨਾ ਦੱਸਾਂ ਨੀ।
ਤੱਕ ਸ਼ੀਸ਼ਾ ਚਰਖੀ ਦਾ ਉਸ ਘੂਰੀ ਪਾਈ ਨੀ
ਮੈਂ ਚੁੰਗੀ ਲਾਈ ਨੀ
ਉਹ ਪਿੱਛੇ ਭੱਜਾ ਨੀ, ਮੈਂ ਦਿਆਂ ਨਾ ਡਾਹੀ ਨੀ
ਉਸ ਮਾਣ ਜਵਾਨੀ ਦਾ, ਮੈਂ ਹਠ ਜ਼ਨਾਨੀ ਦਾ
ਮੈਂ ਅੱਗੇ ਅੱਗੇ ਨੀ, ਉਹ ਪਿੱਛੇ ਪਿੱਛੇ ਨੀ
ਮੰਜੀ ਦੇ ਗਿਰਦੇ ਨੀ ਅੰਬੀ ਦੇ ਗਿਰਦੇ ਨੀ
ਨੱਸਦੇ ਵੀ ਜਾਈਏ ਨੀ, ਹੱਸਦੇ ਵੀ ਜਾਈਏ ਨੀ
ਉਹਦੀ ਚਾਦਰ ਖੜਕੇ ਨੀ, ਮੇਰੀ ਕੋਠੀ ਧੜਕੇ ਨੀ
ਉਹਦੀ ਜੁੱਤੀ ਚੀਕੇ ਨੀ ਮੇਰੀ ਝਾਂਜਰ ਛਣਕੇ ਨੀ
ਉਹਦੀ ਪਗੜੀ ਢਹਿ ਪਈ ਨੀ
ਮੇਰੀ ਚੁੰਨੀ ਲਹਿ ਗਈ ਨੀ
ਜਾਂ ਹਫ ਕੇ ਰਹਿ ਗਏ ਨੀ
ਚੁੱਪ ਕਰ ਕੇ ਬਹਿ ਗਏ ਨੀ
ਉਹ ਕਿਹਾ ਦਿਹਾੜਾ ਸੀ ਉਹ ਭਾਗਾਂ ਵਾਲਾ ਸੀ
ਉਹ ਕਰਮਾਂ ਵਾਲਾ ਸੀ ਜਿਸ ਸ਼ੁਭ ਦਿਹਾੜੇ ਨੀ
ਘਰ ਮੇਰਾ ਲਾੜਾ ਸੀ।
ਅੱਜ ਖਾਣ ਹਵਾਵਾਂ ਨੀ, ਅੱਜ ਸਾੜਨ ਛਾਂਵਾਂ ਨੀ
ਤਰਖਾਣ ਸਦਾਵਾਂ ਨੀ, ਅੰਬੀ ਕਟਵਾਵਾਂ ਨੀ
ਤੋਬਾ ਮੈਂ ਭੁੱਲੀ ਨੀ, ਹਾੜਾ ਮੈਂ ਭੁੱਲੀ ਨੀ
ਜੇ ਅੰਬੀ ਕੱਟਾਂਗੀ, ਚੜ੍ਹ ਕਿਸ ਦੇ ਉੱਤੇ ਮੈਂ
ਰਾਹ ਢੋਲੇ ਦਾ ਤੱਕਾਂਗੀ।
No comments:
Post a Comment